ਕੋਵਿਡ ਸਬੰਧੀ ਨਾਈਟ ਕਰਫਿਊ 1 ਜਨਵਰੀ ਤੋਂ ਨਹੀਂ ਹੋਵੇਗਾ ਲਾਗੂ : ਅਪਨੀਤ ਰਿਆਤ

ਡਿਪਟੀ ਕਮਿਸ਼ਨਰ ਨੇ ਕੋਵਿਡ ਸਬੰਧੀ ਸਰਕਾਰ ਦੇ ਨਵੇਂ ਹੁਕਮਾਂ ਅਤੇ ਜ਼ਿਲ੍ਹੇ ’ਚ ਕੋਵਿਡ ਦੀ ਸਥਿਤੀ ਦੇ ਬਾਰੇ ’ਚ ਜ਼ਿਲ੍ਹਾ ਵਾਸੀਆਂ ਨੂੰ ਫੇਸਬੁੱਕ ਲਾਈਵ ਦੌਰਾਨ ਦਿੱਤੀ ਜਾਣਕਾਰੀ
-ਕਿਹਾ, 1 ਜਨਵਰੀ ਤੋਂ ਸਮਾਜਿਕ ਪ੍ਰੋਗਰਾਮਾਂ ’ਚ ਇੰਡੋਰ 200 ਅਤੇ ਆਊਟਡੋਰ 500 ਲੋਕਾਂ ਦਾ ਕੀਤਾ ਜਾ ਸਕਦਾ ਹੈ ਇਕੱਠ
-ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ, ਕੋਵਿਡ ਸਬੰਧੀ ਦੱਸੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ
-ਬੀਤੇ ਦਿਨੀ ਯੂ.ਕੇ ਤੋਂ ਆਉਣ ਵਾਲੇ ਲੋਕਾਂ ਨੂੰ ਕੋਵਿਡ ਟੈਸਟ ਕਰਵਾਉਣ ਦੇ ਦਿੱਤੇ ਨਿਰਦੇਸ਼

ਹੁਸ਼ਿਆਰਪੁਰ, 31 ਦਸੰਬਰ (ਗੁਰਪ੍ਰੀਤ ਸਹੋਤਾ) -
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਲਗਾਇਆ ਗਿਆ ਲਾਈਟ ਕਰਫਿਊ ਜੋ ਕਿ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਸੀ, ਨੂੰ 1 ਜਨਵਰੀ ਤੋਂ ਹਟਾ ਦਿੱਤਾ ਗਿਆ ਹੈ। ਉਹ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ ’ਤੇ ਲਾਈਵ ਦੌਰਾਨ ਕੋਵਿਡ ਸਬੰਧੀ ਜ਼ਿਲ੍ਹੇ ਦੀ ਤਾਜਾ ਸਥਿਤੀ ਦੇ ਬਾਰੇ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਜਾਣੂ ਕਰਵਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ 6 ਹਾਟ ਸਪਾਟ ਹਨ। ਇਸ ਦੌਰਾਨ ਉਨ੍ਹਾਂ ਜਿਥੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਉਥੇ ਉਨ੍ਹਾਂ ਨੂੰ ਕੋਵਿਡ ਸਬੰਧੀ ਸਾਵਧਾਨੀਆਂ ਅਪਣਾਉਣ ਦੀ ਵੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਜਿਥੇ 1 ਜਨਵਰੀ ਤੋਂ ਨਾਈਟ ਕਰਫਿਊ ਹਟਾ ਗਿਆ ਹੈ ਉਥੇ 1 ਜਨਵਰੀ ਤੋਂ ਸਮਾਜਿਕ ਪ੍ਰੋਗਰਾਮਾਂ ਵਿੱਚ ਇੰਡੋਰ 200 ਅਤੇ ਆਊਟਡੋਰ 500 ਲੋਕਾਂ ਦਾ ਇਕੱਠ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਛੋਟ ਦੇ ਦੌਰਾਨ ਲੋਕ ਕੋਵਿਡ ਸਬੰਧੀ ਦੱਸੀਆਂ ਗਈਆਂ ਸਾਵਧਾਨੀਆਂ ਜਿਵੇਂ ਕਿ ਸਮਾਜਿਕ ਦੂਰੀ, ਸਮੇਂ-ਸਮੇਂ ’ਤੇ ਹੱਥ ਧੋਣ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਨਵੇਂ ਸਾਲ ਵਿੱਚ ਕੋਵਿਡ ਸੰਕਰਮਣ ਤੋਂ ਬਚਿਆ ਜਾ ਸਕੇ। ਉਨ੍ਹਾਂ ਇਸ ਦੌਰਾਨ ਦੱਸਿਆ ਕਿ ਜਿਸ ਤਰ੍ਹਾਂ ਸਾਰੇ ਜਾਣਦੇ ਹੀ ਹਨ ਕਿ ਯੂ.ਕੇ. ਤੋਂ ਆਉਣ ਵਾਲੇ ਯਾਤਰੀਆਂ ਵਿੱਚ ਕੋਵਿਡ ਦਾ ਨਵਾਂ ਸਟਰੇਨ ਪਾਇਆ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਦਿਨੀ ਯੂ.ਕੇ. ਤੋਂ ਆਉਣ ਵਾਲੇ ਯਾਤਰੀਆਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਜੋ ਕੋਈ ਵੀ ਪਾਜੀਟਿਵ ਆ ਰਿਹਾ ਹੈ, ਉਸਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਵਿੱਚ ਜੇਕਰ ਕੋਈ ਵਿਅਕਤੀ ਯੂ.ਕੇ. ਤੋਂ ਆਇਆ ਹੈ ਅਤੇ ਉਸਦਾ ਟੈਸਟ ਨਹੀਂ ਹੋਇਆ ਤਾਂ ਉਨ੍ਹਾਂ ਦੀ ਜਾਣਕਾਰੀ ਉਹ ਆਪਣੇ ਨੇੜੇ ਦੇ ਸਿਹਤ ਕੇਂਦਰ ਵਿੱਚ ਦੇਣ ਤਾਂ ਜੋ ਉਕਤ ਵਿਅਕਤੀ ਦਾ ਟੈਸਟ ਕਰਵਾਇਆ ਜਾ ਸਕੇ।
ਅਪਨੀਤ ਰਿਆਤ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਨਵੇਂ ਸਾਲ ਵਿੱਚ ਅਸੀਂ ਕਾਫੀ ਹੱਦ ਤੱਕ ਕੋਵਿਡ ’ਤੇ ਫਤਿਹ ਹਾਸਲ ਕਰ ਲਵਾਂਗੇ ਕਿਉਂਕਿ ਕੋਵਿਡ ਵੈਕਸੀਨ ਆਉਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਵੈਕਸੀਨੇਸ਼ਨ ਕੀਤੀ ਜਾਵੇਗੀ, ਉਸ ਤੋਂ ਬਾਅਦ ਆਮ ਲੋਕਾਂ ਨੂੰ ਵੈਕਸੀਨੇਸ਼ਨ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਕੋਵਿਡ ਦੇ ਮੁਸ਼ਕਿਲ ਦੌਰ ਵਿੱਚ ਪ੍ਰਸ਼ਾਸਨ ਦਾ ਸਾਥ ਦਿੱਤਾ ਹੈ, ਉਥੇ ਤਰ੍ਹਾਂ ਵੈਕਸੀਨੇਸ਼ਨ ਦੌਰਾਨ ਵੀ ਸਹਿਯੋਗ ਦੇਣ ਤਾਂ ਜੋ ਜਲਦ ਤੋਂ ਜਲਦ ਸ਼ਾਂਤੀਪੂਰਵਕ ਵੈਕਸੀਨੇਸ਼ਨ ਦਾ ਕੰਮ ਪੂਰਾ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਠੰਡ ਦੇ ਸਮੇਂ ਵਿੱਚ ਧੁੰਦ ਜ਼ਿਆਦਾ ਹੋਣ ਦੇ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਲਈ ਉਹ ਬਹੁਤ ਜ਼ਰੂਰੀ ਪੈਣ ’ਤੇ ਹੀ ਸਫਰ ਕਰਨ ਅਤੇ ਵਾਹਨ ਵੀ ਹੋਲੀ ਚਲਾਉਣ। ਇਸ ਤੋਂ ਇਲਾਵਾ ਉਹ ਜ਼ਰੂਰੀ ਸੁਰੱਖਿਆ ਦਾ ਵੀ ਧਿਆਨ ਰੱਖਣ। ਉਨ੍ਹਾਂ ਦੱਸਿਆ ਕਿ ਅਵਾਰਾ ਪਸ਼ੂਆਂ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਵਾਰਾ ਪਸ਼ੂਆਂ ਨੂੰ ਰਿਫਲੈਕਟਰ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਅਤੇ ਹੁਸ਼ਿਆਰਪੁਰ ਤੋਂ ਅਵਾਰਾ ਪਸ਼ੂਆਂ ਨੂੰ ਫੜ ਕੇ ਕੈਟਲ ਪਾਊਂਡ ਫਲਾਹੀ ਵਿੱਚ ਛੱਡਿਆ ਜਾ ਰਿਹਾ ਹੈ।



 


Post a Comment

0 Comments