ਚਾਰ ਮਹੀਨਿਆਂ ਦੀ ਅਗਵਾ ਬੱਚੀ 24 ਘੰਟਿਆਂ ’ਚ ਬਰਾਮਦ, ਮੁਲਜ਼ਮ ਕੀਤੇ ਕਾਬੂ

ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਪ੍ਰਵਾਸੀ ਪਰਿਵਾਰ ਨੂੰ ਸੌਂਪੀ ਬੱਚੀ
ਡੀ.ਐਸ.ਪੀ. ਦਸੂਹਾ, ਸੀ.ਆਈ.ਏ. ਇੰਚਾਰਜ ਅਤੇ ਟੀਮ ਦੀ ਸ਼ਲਾਘਾ

ਹੁਸ਼ਿਆਰਪੁਰ, 24 ਦਸੰਬਰ (ਸੁਖਨਿੰਦਰ ਸਿੰਘ ਕਲੋਟੀ) -
ਬੀਤੇ ਦਿਨੀਂ ਦਸੂਹਾ ਦੇ ਘੋਗਰਾ ਤੋਂ ਅਗਵਾ ਹੋਈ ਚਾਰ ਮਹੀਨਿਆਂ ਦੀ ਬੱਚੀ ਨੂੰ 24 ਘੰਟਿਆਂ ਵਿੱਚ ਬਰਾਮਦ ਕਰਕੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈਂਦਿਆਂ ਜ਼ਿਲ੍ਹਾ ਪੁਲਿਸ ਵਲੋਂ ਅੱਜ ਬੱਚੀ ਮਾਪਿਆਂ ਦੇ ਸਪੁਰਦ ਕੀਤੀ ਗਈ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ਉਪਰੰਤ ਦੋ ਪੁਲਿਸ ਪਾਰਟੀਆਂ ਦਾ ਗਠਨ ਕਰਕੇ ਜਾਂਚ ਨੂੰ ਸਾਇੰਟੀਫਿਕ ਤਰੀਕੇ ਨਾਲ ਅੱਗੇ ਤੋਰਦਿਆਂ ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਦੇ ਪਿੰਜੌਰ ਖੇਤਰ ਵਿੱਚ ਰੇਡ ਕਰਨ ਉਪਰੰਤ ਬੱਚੀ ਨੂੰ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਕੌਰ ਵਾਸੀ ਭੱਠਾ ਥਾਣਾ ਪਾਲਮਪੁਰ ਹਿਮਚਾਲ ਪ੍ਰਦੇਸ਼ ਹਾਲ ਵਾਸੀ ਧਰਮਪੁਰਾ ਕਲੋਨੀ ਨੇੜੇ ਪ੍ਰਾਇਮਰੀ ਸਕੂਲ ਪਿੰਜੌਰ, ਨੈਨਾ ਉਰਫ ਇੰਦੂ ਰਾਣੀ ਵਾਸੀ ਕਾਨਗੜ੍ਹ ਥਾਣਾ ਸਦਰ ਸਮਾਣਾ ਜ਼ਿਲ੍ਹਾ ਪਟਿਆਲਾ ਅਤੇ ਸਿਮਰਨ ਸਿੰਘ ਵਾਸੀ ਕਾਨਗੜ੍ਹ ਵਜੋਂ ਹੋਈ। ਮਾਮਲੇ ਵਿੱਚ ਬਾਕੀ ਮੁਲਜ਼ਮਾਂ ਬਲਜੀਤ ਸਿੰਘ ਵਾਸੀ ਗਾਗਜੱਲੋਂ, ਕੁਲਵਿੰਦਰ ਕੌਰ ਉਰਫ ਅੰਜਲੀ ਪਤਨੀ ਬਲਜੀਤ ਸਿੰਘ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ।
ਆਪਣੇ ਦਫ਼ਤਰ ਵਿੱਚ ਬੱਚੀ ਨੂੰ ਮਾਪਿਆਂ ਦੇ ਹਵਾਲੇ ਕਰਦਿਆਂ ਐਸ.ਐਸ.ਪੀ. ਨੇ ਦੱਸਿਆ ਕਿ ਬੱਚੀ ਦਾ ਪਿਤਾ ਰਿਸ਼ੀ ਰਾਮ ਵਾਸੀ ਬਾਰਾਂ ਕਲਾਂ ਥਾਣਾ ਕਲਾਨ ਜ਼ਿਲ੍ਹਾ ਸੁਜਾਨਪੁਰ, ਉਤਰ ਪ੍ਰਦੇਸ਼ ਮੌਜੂਦਾ ਸਮੇਂ ਥਾਣਾ ਦਸੂਹਾ ਦੇ ਅੱਡਾ ਘੋਗਰਾ ਵਿੱਚ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ ਅਤੇ ਨਾਲ ਹੀ ਉਸ ਦੀ ਪਤਨੀ ਸੁਮਨ ਨੇ ਮੂੰਗਫਲੀ ਭੁੰਨਣ ਲਈ ਭੱਠੀ ਲਗਾਈ ਹੋਈ ਸੀ ਜਿਥੋਂ 21 ਦਸੰਬਰ ਸ਼ਾਮ 5 ਵਜੇ ਦੇ ਕਰੀਬ ਉਨ੍ਹਾਂ ਦੀ 4 ਮਹੀਨਿਆਂ ਦੀ ਬੱਚੀ ਮਾਨਵੀ ਨੂੰ ਅਗਵਾ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸੁਮਨ ਨੇ ਆਪਣੀ ਭੱਠੀ ਨੇੜੇ ਹੀ ਮਾਨਵੀ ਨੂੰ ਜ਼ਮੀਨ ’ਤੇ ਚਾਦਰ ਵਿਛਾ ਕੇ ਲਿਟਾਇਆ ਹੋਇਆ ਸੀ ਜਿਥੇ ਬਲਜੀਤ ਸਿੰਘ, ਉਸ ਦੀ ਪਤਨੀ ਕੁਲਵਿੰਦਰ ਕੌਰ ਵਾਸੀ ਗੱਗਜੱਲੋਂ ਦੇ ਨਾਲ ਇਕ ਹੋਰ ਔਰਤ, ਇਕ ਲੜਕੀ ਅਤੇ ਲੜਕਾ ਆਏ ਅਤੇ ਭੱਠੀ ਤੋਂ ਦਾਣਿਆਂ ਦਾ ਲਿਫ਼ਾਫਾ ਲਿਆ। ਉਨ੍ਹਾਂ ਦੱਸਿਆ ਕਿ ਦਾਣੇ ਖਰੀਦਣ ਪਿੱਛੋਂ ਕੁਲਵਿੰਦਰ ਕੌਰ ਨਾਲ ਆਈ ਔਰਤ ਨੇ ਬੱਚੀ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਖਿਡਾਉਣ ਲੱਗ ਪਈ ਅਤੇ ਪੰਜੇ ਜਣੇ ਉਸ ਛੋਟੀ ਬੱਚੀ ਨੂੰ ਚੁੱਕ ਕੇ ਲੈ ਗਏ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ਥਾਣਾ ਦਸੂਹਾ ਵਿੱਚ ਆਈ.ਪੀ.ਸੀ. ਦੀ ਧਾਰਾ 365 ਤਹਿਤ ਮੁਕੱਦਮਾ ਨੰਬਰ 296 ਦਰਜ ਕਰਨ ਉਪਰੰਤ ਡੀ.ਐਸ.ਪੀ. ਦਸੂਹਾ ਮਨੀਸ਼ ਕੁਮਾਰ ਅਤੇ ਸੀ.ਆਈ.ਏ. ਸਟਾਫ਼ ਹੁਸ਼ਿਆਰਪੁਰ ਦੇ ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ਹੇਠ ਦੋ ਪੁਲਿਸ ਪਾਰਟੀਆਂ ਨੇ ਮੁਢਲੀ ਤਫਤੀਸ਼ ਪਿੱਛੋਂ ਪਿੰਜੌੜ ਵਿਖੇ ਰੇਡ ਮਾਰ ਕੇ ਬੱਚੀ ਨੂੰ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਜਸਪ੍ਰੀਤ ਕੌਰ ਦੇ ਕੋਈ ਔਲਾਦ ਨਹੀਂ ਸੀ ਜਿਸ ਕਾਰਨ ਉਨ੍ਹਾਂ ਵਲੋਂ ਰਿਸ਼ੀ ਰਾਮ ਦੀ ਬੱਚੀ ਨੂੰ ਚੁੱਕਿਆ ਗਿਆ।  

 

Post a Comment

0 Comments