ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਵਾਰਾ ਪਸ਼ੂਆਂ ਦੇ ਰਿਫਲੈਕਟਰ ਪਾਉਣ ਦੀ ਮੁਹਿੰਮ ਤੇਜ਼, 300 ਤੋਂ ਵੱਧ ਪਸ਼ੂਆਂ ਦੇ ਪਾਏ ਰਿਫਲੈਕਟਰ

ਰਿਫਲੈਕਟਰ ਪਾਉਣ ਦੀ ਪ੍ਰਕ੍ਰਿਆ ਆਉਂਦੇ ਦਿਨਾਂ ’ਚ ਵੀ ਰਹੇਗੀ ਜਾਰੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 24 ਦਸੰਬਰ (ਸੁਖਨਿੰਦਰ ਸਿੰਘ ਕਲੋਟੀ) :
ਵੱਧ ਰਹੀ ਠੰਡ ਦੇ ਮੌਸਮ ਵਿੱਚ ਧੁੰਦਾਂ ਦੌਰਾਨ ਅਵਾਰਾ ਪਸ਼ੂਆਂ ਕਾਰਨ ਹੁੰਦੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਜਾਨਵਰਾਂ ਨੂੰ ਰਿਫਲੈਕਟਰ ਪਾਉਣ ਦੀ ਮੁਹਿੰਮ ਵਿੱਚ ਤੇਜ਼ੀ ਲਿਆਉਂਦਿਆਂ ਜ਼ਿਲ੍ਹੇ ਅੰਦਰ 300 ਤੋਂ ਵੱਧ ਪਸ਼ੂਆਂ ਦੇ ਰਿਫਲੈਕਟਰ ਪਾਏ ਹਨ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਅਵਾਰਾ ਪਸ਼ੂਆਂ ਦੇ ਰਿਫਲੈਕਟਰ ਪਾਉਣ ਦੇ ਨਾਲ-ਨਾਲ ਹੁਸ਼ਿਆਰਪੁਰ ਵਿੱਚ ਅਵਾਰਾ ਪਸ਼ੂਆਂ ਨੂੰ ਕਾਬੂ ਕਰਕੇ ਕੈਟਲ ਪੌਂਡ ਫਲਾਹੀ ਅਤੇ ਨਗਰ ਨਿਗਮ ਗਊਸ਼ਾਲਾ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਦੀ ਦੇ ਮੌਸਮ ਅਤੇ ਧੁੰਦਾਂ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਪੂਰੇ ਜ਼ਿਲ੍ਹੇ ਅੰਦਰ ਅਵਾਰਾ ਪਸ਼ੂਆਂ ਦੇ ਰਿਫਲੈਕਟਰ ਲਾਉਣ ਦੀ ਪ੍ਰਕ੍ਰਿਆ ਜਾਰੀ ਰਹੇਗੀ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਅਪਨੀਤ ਰਿਆਤ ਨੇ ਦੱਸਿਆ ਕਿ ਠੰਡ ਦੇ ਪ੍ਰਭਾਵ ਤੋਂ ਆਮ ਲੋਕਾਂ, ਪਸ਼ੂਆਂ, ਫ਼ਸਲਾਂ ਆਦਿ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਲੀਕੇ ਐਕਸ਼ਨ ਪਲਾਨ ਤਹਿਤ ਲੋੜੀਂਦੇ ਪ੍ਰਬੰਧ ਅਤੇ ਸਹੂਲਤਾਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਠੰਡ ਤੋਂ ਬਚਾਅ ਲਈ ਲੋੜੀਂਦੇ ਗਰਮ ਕੱਪੜੇ, ਟੋਪੀ ਆਦਿ ਨੂੰ ਪਹਿਨ ਕੇ ਰੱਖਿਆ ਜਾਵੇ ਅਤੇ ਬੇਲੋੜੇ ਸਫ਼ਰ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੱਡੀਆਂ/ਵਾਹਨਾਂ ਨੂੰ ਘੱਟ ਰਫਤਾਰ ’ਤੇ ਹੀ ਚਲਾਉਣ ਅਤੇ ਧੁੰਦ ਦੌਰਾਨ ਸੜਕਾਂ ਦੇ ਕੰਢਿਆਂ ਦੀ ਬਜਾਏ ਪਾਰਕਿੰਗ ਵਾਲੀਆਂ ਥਾਵਾਂ ’ਤੇ ਹੀ ਵਾਹਨ ਖੜ੍ਹੇ ਕਰਨ ਤਾਂ ਜੋ ਹਾਦਸਿਆਂ ਨੂੰ ਟਾਲਿਆ ਜਾ ਸਕੇ।


 

Post a Comment

0 Comments