ਸਾਈਬਰ ਕ੍ਰਾਈਮ ਤੋਂ ਬਚਾਅ ਲਈ ਜਹੂਰਾ ਸਕੂਲ ਵਿੱਚ ਲਾਇਆ ਗਿਆ ਜਾਗਰੂਕਤਾ ਸੈਮੀਨਾਰ

ਟਾਂਡਾ ਉੜਮੁੜ, 18   ਜਨਵਰੀ (ਨਵਦੀਪ ਸਿੰਘ ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਹੂਰਾ ਵਿਖੇ ਸਾਈਬਰ ਕ੍ਰਾਈਮ ਵਿਸ਼ੇ ਤੇ ਵਿਦਿਆਰਥੀਆਂ ਲਈ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਪ੍ਰਿੰਸੀਪਲ  ਆਸ਼ਾ ਰਾਣੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਐੱਚ.ਆਈ. ਐੱਮ. ਟੀ.  ਕਾਲਜ ਟਾਂਡਾ ਦੇ ਐਮ.ਡੀ. ਰੋਹਿਤ ਟੰਡਨ ਨੇ ਆਈ ਟੀ ਐਕਸਪਰਟ ਵਜੋਂ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਵਿਸ਼ੇ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਟੈਕਨਾਲੋਜੀ ਦੇ ਵਧਣ ਨਾਲ ਜਿੱਥੇ ਆਮ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਹਨ ਉੱਥੇ ਤਕਨਾਲੋਜੀ ਦੀ ਵਰਤੋਂ ਰਾਹੀਂ ਲੋਕਾਂ ਨੂੰ ਲੁੱਟਣ ਅਤੇ ਹੋਰ ਤਰ੍ਹਾਂ ਦੇ ਗੁਨਾਹ ਕਰਨ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਰਾਹੀਂ ਕੀਤੇ ਜਾਣ ਵਾਲੇ ਗੁਨਾਹਾਂ ਤੋਂ ਬਚਾਅ ਲਈ ਸਾਨੂੰ ਇਸ ਸਬੰਧੀ ਜਾਗਰੂਕ ਰਹਿਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਸਾਈਬਰ ਕ੍ਰਾਈਮ ਰਾਹੀਂ ਜਿੱਥੇ ਵੱਡੀ ਪੱਧਰ ਤੇ ਲੋਕਾਂ ਨੂੰ ਬੈਂਕਾਂ ਵਿੱਚੋਂ ਪੈਸੇ ਕਢਵਾ ਕੇ ਠੱਗਿਆ ਜਾ ਰਿਹਾ ਹੈ ਉੱਥੇ ਸੋਸ਼ਲ ਮੀਡੀਆ ਰਾਹੀਂ ਵੀ ਝੂਠੇ ਅਤੇ ਜਾਅਲੀ ਪ੍ਰੋਫਾਈਲ ਬਣਾ ਕੇ ਲੋਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਾਂ ਬਲੈਕਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਵਿਸ਼ੇਸ਼ ਕ੍ਰਾਇਮ ਸੈੱਲ ਬਣਾਏ ਗਏ ਹਨ, ਕਿਉਂਕਿ ਸਾਈਬਰ ਕਰਾਈਮ ਦੇ ਦੋਸ਼ੀਆਂ ਨੂੰ ਲੱਭਣਾ ਆਸਾਨ ਨਹੀਂ ਹੁੰਦਾ ਇਸ ਲਈ ਸਾਈਬਰ ਕ੍ਰਾਈਮ ਸੈੱਲ ਵਿੱਚ ਇਸ ਵਿਸ਼ੇ ਦੇ ਮਾਹਿਰ ਸ਼ਾਮਿਲ ਕੀਤੇ ਗਏ ਹਨ, ਜੋ ਨਵੀਆਂ ਤਕਨੀਕਾਂ ਨਾਲ ਇਸ ਤਰ੍ਹਾਂ ਦੇ ਕਰਾਈਮ ਨੂੰ ਰੋਕਣ ਵਿੱਚ ਮੱਦਦ ਕਰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਦੱਸਿਆ। ਇਸਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਇੰਟਰਨੈੱਟ ਦਾ ਉਪਯੋਗ ਪੜਾਈ ਅਤੇ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਲਈ ਹੀ ਕਰਨ ਲਈ ਪ੍ਰੇਰਨਾ ਦਿੱਤੀ |    ਇਸ ਦੌਰਾਨ ਦੀਪਕ ਸੋਂਧੀ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਪ੍ਰਧਾ ਵਰਮਾ, ਪ੍ਰਭਜੋਤ ਕੌਰ, ਨਰਿੰਦਰ ਕੌਰ ਤੋਂ ਇਲਾਵਾ ਸਕੂਲ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

Post a Comment

0 Comments