ਚਲਦੀ ਫਿਰਦੀ ਸਮਾਜ ਸੇਵੀ ਸੰਸਥਾ ਦਵਿੰਦਰ ਸਿੰਘ ਮੂਨਕਾਂ

ਟਾਂਡਾ ਉੜਮੁੜ : ਅਧਿਆਪਕਾ ਮਾਤਾ ਸੱਤਿਆਵਤੀ ਕੌਰ ਜੀ ਅਤੇ ਅਧਿਆਪਕ ਪਿਤਾ ਮਾਸਟਰ ਮਿਹਰ ਸਿੰਘ ਜੀ ਦੇ ਘਰ ਸੰਨ 1962 ਦੀ ਵਿਸਾਖੀ ਤੋਂ 9 ਦਿਨ ਪਹਿਲਾਂ ਪਹਿਲਾਂ ਕਿਲਕਾਰੀ ਮਾਰਨ ਵਾਲੇ ਦਵਿੰਦਰ ਸਿੰਘ ਨੇ ਦਿਨੋਂ ਦਿਨ ਜਵਾਨ ਹੁੰਦਿਆਂ ਸੰਨ 1983 ਵਿੱਚ ਆਪਣੀ ਤਕਨੀਕੀ ਸਿੱਖਿਆ ਪ੍ਰਾਪਤ ਕੀਤੀ।
8 ਅਗਸਤ 1986 ਨੂੰ ਪੰਜਾਬ ਰਾਜ ਬਿਜਲੀ ਬੋਰਡ ਸਰਕਲ ਕਪੂਰਥਲਾ ਦੀ ਮਹਿਤਪੁਰ ਸਬ ਡਵੀਜ਼ਨ ਵਿੱਚ ਬਤੌਰ ਲਾਇਨ ਮੈਨ ਨੌਕਰੀ ਸ਼ੁਰੂ ਕੀਤੀ। ਨੌਕਰੀ ਕਰਦਿਆਂ ਹੀ ਗ੍ਰਹਿਸਥੀ ਜੀਵਨ ਵਿੱਚ ਪੈਰ ਧਰਿਆ। ਬੀਬੀ ਚਰਨਜੀਤ ਕੌਰ ਮੂਨਕ ਕਲਾਂ ਵਿੱਚ ਮਾਤਾ ਸੱਤਿਆ ਕੌਰ ਜੀ ਅਤੇ ਮਾਸਟਰ ਮਿਹਰ ਸਿੰਘ ਜੀ ਦੇ ਘਰ ਆਈ ਤਾਂ ਨੂੰਹ ਬਣਕੇ ਸੀ, ਪਰ ਸਾਰੀ ਜ਼ਿੰਦਗੀ ਧੀਆਂ ਤੋਂ ਵੱਧ ਸੱਸ, ਸਹੁਰੇ ਦਾ ਖਿਆਲ ਰੱਖਿਆ ਹੈ। ਬਹੁਤ ਹੀ ਸੁਚੱਜੇ, ਸਾਊ ਅਤੇ ਮਿਲਾਪੜੇ ਸੁਭਾਅ ਦੀ ਮਾਲਕ ਸਾਡੀ ਇਸ ਭੈਣ ਦੇ ਸਦਕਾ ਹੀ ਦਵਿੰਦਰ ਸਿੰਘ ਤੋਂ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਦੇ ਤੌਰ ਤੇ ਸਾਡਾ ਵੱਡਾ ਵੀਰ ਪੰਜਾਬ ਜਾਂ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਾਣ-ਸਨਮਾਨ ਹਾਸਲ ਕੀਤਾ ਹੈ।
ਉੱਚ ਵਿੱਦਿਆ ਪ੍ਰਾਪਤ ਬੇਟੀ ਮਨਪ੍ਰੀਤ ਕੌਰ ਅਤੇ ਇੰਜੀਨੀਅਰ ਪ੍ਰਦੀਪ ਸਿੰਘ ਵੀ ਆਪਣੇ ਪਿਤਾ ਜੀ ਨੂੰ ਸਹਿਯੋਗ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾਕੇ ਸਮਾਜ ਸੇਵਾ ਵਿੱਚ ਹਿੱਸਾ ਨਾ ਰਹੇ ਹਨ।
ਵੱਡੇ ਵੀਰ ਡਾਕਟਰ ਤਰਲੋਚਨ ਸਿੰਘ ਜੀ ਅਤੇ ਛੋਟੇ ਵੀਰ ਇੰਜਨੀਅਰ ਅਰਮਿੰਦਰ ਸਿੰਘ ਜੀ ਦੇ ਦਿਲਾਂ ਦੀ ਧੜਕਣ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਪਿਛਲੇ 35 ਸਾਲ ਤੋਂ ਬਿਮਾਰਾਂ, ਫੱਟੜਾਂ, ਲਵਾਰਿਸਾਂ, ਦਿਮਾਗੀ ਤੌਰ ਤੇ ਬਿਮਾਰਾਂ ਲੲੀ ਮਸੀਹਾ ਬਣ ਕੇ ਮਾਨਵਤਾ ਦੀ ਸੇਵਾ ਵਿੱਚ ਰੁੱਝਿਆ ਹੋਇਆ ਹੈ।
ਇਲਾਕੇ, ਜਿਲ੍ਹੇ, ਪੰਜਾਬ ਤੋਂ ਇਲਾਵਾ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਆਈ ਹਰ ਕੁਦਰਤੀ ਆਫ਼ਤ ਸਮੇਂ ਆਪਣੇ ਸਾਥੀਆਂ ਨਾਲ ਮੂਹਰੇ ਡਟ ਜਾਂਦਾ ਹੈ ਸਾਡਾ ਵੀਰ ਜਥੇਦਾਰ ਦਵਿੰਦਰ ਸਿੰਘ ਮੂਨਕਾਂ।
ਜਥੇਦਾਰ ਦਵਿੰਦਰ ਸਿੰਘ ਇੱਕ ਵਿਅਕਤੀ ਦਾ ਨਾਮ ਨਹੀਂ ਹੈ, ਦਵਿੰਦਰ ਸਿੰਘ ਮੂਨਕਾਂ ਇੱਕ ਚਲਦੀ ਫਿਰਦੀ ਸੰਸਥਾ ਹੈ।
ਬਤੌਰ ਫੋਰਮੈਨ ਤਰੱਕੀ ਕਰਨ ਤੇ ਵੀ ਸਾਡੇ ਇਸ ਵੀਰ ਨੇ ਸਾਰੀ ਨੌਕਰੀ ਕਰਦਿਆਂ ਇਮਾਨਦਾਰੀ ਅਤੇ ਸਖ਼ਤ ਮਿਹਨਤ ਦਾ ਪੱਲਾ ਨਹੀਂ ਛੱਡਿਆ।
ਬੇਬਾਕ, ਨਿੱਡਰ ਅਤੇ ਅਣਖੀ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਸਮੇਂ ਸਮੇਂ ਰਾਜਨੀਤਕ ਲੋਕਾਂ ਦੇ ਸਾੜੇ ਦਾ ਸ਼ਿਕਾਰ ਹੋ ਕੇ ਵੀ ਜੁੱਅਰਤ ਨਾਲ ਤੁਰਨੋਂ ਨਾ ਹਟਿਆ। ਇਲਾਕੇ ਵਿੱਚ ਹਰ ਸਮੇਂ, ਹਰ ਇੱਕ ਲਈ ਆਪਣਾ ਸਭ ਕੁੱਝ ਦਾਅ ਤੇ ਲਾਕੇ ਜਾਤ-ਪਾਤ, ਮਜ਼ਹਬੀ ਵਿਤਕਰੇ ਤੋਂ ਉਪਰ ਉੱਠ ਸਦਾ ਹੀ ਲੋੜਵੰਦਾਂ ਲਈ ਕੰਮ ਵਿੱਚ ਰੁੱਝੀ ਸ਼ਖ਼ਸੀਅਤ ਦਾ ਨਾਮ ਹੈ, ਜਥੇਦਾਰ ਦਵਿੰਦਰ ਸਿੰਘ ਮੂਨਕਾਂ।
ਐਕਸੀਡੈਂਟਾਂ ਵਿੱਚ ਹਜ਼ਾਰਾਂ ਹੀ ਫੱਟੜਾਂ , ਜ਼ਖਮੀਆਂ ਨੂੰ ਹਸਪਤਾਲ ਪਹੁਚਾਉਣ, ਬਚਾਉਣ, ਲਵਾਰਿਸਾਂ ਨੂੰ ਸਾਂਭਣ ਅਤੇ ਲੱਭ ਲੱਭ ਕੇ ਘਰਾਂ ਵਿੱਚ ਪੁਜਦੇ ਕਰਨ ਵਿੱਚ ਅੱਜ ਤੱਕ ਜਥੇਦਾਰ ਦਵਿੰਦਰ ਸਿੰਘ ਜੀ ਦਾ ਕੋਈ ਸਾਨੀ ਨਹੀਂ।
ਬਿਜਲੀ ਮਹਿਕਮੇ ਕੋਲ ਇਹੋ ਜਿਹੇ ਹੀਰੇ ਸ਼ਾਇਦ ਹੀ ਉਂਗਲਾਂ ਤੇ ਗਿਣਨ ਯੋਗੇ ਹੋਣ। ਜਿਹਨਾਂ ਵਿੱਚੋ ਸਾਡਾ ਇਹ ਵੀਰ ਸਿਰਕੱਢਵਾਂ ਹੈ।
30 ਅਪ੍ਰੈਲ 2020 ਨੂੰ ਪਾਵਰਕੌਮ ਸਬ ਡਵੀਜ਼ਨ ਟਾਂਡਾ ਤੋਂ ਸੇਵਾ ਮੁਕਤ ਹੋ ਰਹੇ ਜਥੇਦਾਰ ਦਵਿੰਦਰ ਸਿੰਘ ਜੀ ਮੂਨਕਾਂ ਦੀ ਸੇਵਾਮੁਕਤੀ ਨਾਲ ਮਹਿਕਮੇ ਨੂੰ ਉਹਨਾਂ ਦੀ ਘਾਟ ਸਦਾ ਰੜਕਦੀ ਰਹੇਗੀ।
ਅਸੀਂ ਆਪਣੇ ਵੀਰ ਅਤੇ ਉਸਦੇ ਪਰਿਵਾਰ ਨੂੰ ਇਸ ਮੌਕੇ ਤੇ ਮੁਬਾਰਕਬਾਦ ਦਿੰਦੇ ਹੋਏ, ਉਹਨਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ।

ਇੰਜਨੀਅਰ ਹਰਦੀਪ ਖੁੱਡਾ
PSPCL
29 ਅਪ੍ਰੈਲ 2020

Post a Comment

0 Comments