BREAKING NEWS : ਹੁਸ਼ਿਆਰਪੁਰ ਵਿੱਚ 34 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 253

ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਸਾਵਧਾਨੀ ਅਪਣਾ ਕੇ ਇਸ ਵਾਇਰਸ ’ਤੇ ਪਾਈ ਜਾ ਸਕਦੀ ਹੈ ਫਤਿਹ : ਡਿਪਟੀ ਕਮਿਸ਼ਨਰ
-ਕਿਹਾ, ਜ਼ਿਲ੍ਹਾ ਪ੍ਰਸ਼ਾਸਨ ਹਰ ਸਥਿਤੀ ਨਾਲ ਨਿਪਟਣ ਲਈ ਹੈ ਤਿਆਰ, ਸਿਹਤ ਵਿਭਾਗ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਮੁਸਤੈਦ
-‘ਮਿਸ਼ਨ ਫਤਿਹ’ ਤਹਿਤ ਲੋਕਾਂ ਨੂੰ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ, ਸੈਨੇਟਾਈਜ਼ਰ ਅਤੇ ਸਮੇਂ-ਸਮੇਂ ਹੱਥ ਧੋਣ ਦੀ ਕੀਤੀ ਅਪੀਲ
-ਜ਼ਿਲ੍ਹੇ ਵਿੱਚ ਹੁਣ ਤੱਕ 18,836 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ, 184 ਵਿਅਕਤੀ ਪਾ ਚੁੱਕੇ ਹਨ ਕੋਰੋਨਾ ਖਿਲਾਫ਼ ਫਤਿਹ
ਹੁਸ਼ਿਆਰਪੁਰ, 17 ਜੁਲਾਈ :
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਬਲਕਿ ਸਾਵਧਾਨੀ ਆਪਣਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ 34 ਕੋਰੋਨਾ ਪੋਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 31 ਮਾਮਲੇ ਬੀ.ਐਸ.ਐਫ ਟਰੇਨਿੰਗ ਸੈਂਟਰ ਖੜਕਾ ਕੈਂਪਸ ਨਾਲ ਸਬੰਧਤ ਅਤੇ ਤਿੰਨ ਮਾਮਲੇ ਜ਼ਿਲ੍ਹੇ ਦੇ ਹੋਰ ਸਥਾਨਾਂ ਤੋਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਘਬਰਾਉਣ ਨਾ ਕਿਉਂਕਿ 31 ਪੋਜ਼ੀਟਿਵ ਮਾਮਲੇ ਇਕੋ ਕੈਂਪ ਤੋਂ ਆਏ ਹਨ ਅਤੇ ਇਨ੍ਹਾਂ ਦਾ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰੋਟੋਕੋਲ ਦੇ ਹਿਸਾਬ ਨਾਲ ਇਹ ਸਾਰੇ ਕੇਸ ਕਮਾਂਡ ਹਸਪਤਾਲ ਜਲੰਧਰ ਸ਼ਿਫਟ ਕਰ ਦਿੱਤੇ ਗਏ ਹਨ ਅਤੇ ਟਰੇਨਿੰਗ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਪੂਰਾ ਸਿਹਤ ਵਿਭਾਗ ਲੋਕਾਂ ਨੂੰ ਬੇਹਤਰ ਸਿਹਤ ਸੁਵਿਧਾਵਾ ਦੇਣ ਲਈ ਦਿਨ ਰਾਤ ਜੁਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਕੋਵਿਡ-19 ’ਤੇ ਅਸੀਂ ਜਲਦ ਫਤਿਹ ਪਾ ਲਵਾਂਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਲਏ ਗਏ ਸੈਂਪਲਾਂ ਵਿਚੋਂ 18,836 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ ਅਤੇ 184 ਵਿਅਕਤੀਆਂ ਨੇ ਕੋਰੋਨਾ ਖਿਲਾਫ ਫਤਿਹ ਪਾ ਲਈ ਹੈ। ਉਨ੍ਹਾਂ ਕਿਹਾ ਕਿ ਠੀਕ ਹੋਏ ਵਿਅਕਤੀਆਂ ਨੂੰ ਘਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫਤਿਹ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ, ਤਾਂ ਜੋ ਜ਼ਿਲ੍ਹਾ ਵਾਸੀ ਸਾਵਧਾਨੀਆਂ ਅਪਣਾ ਕੇ ਕੋਰੋਨਾ ਵਾਇਰਸ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਲੋਕ ਜ਼ਰੂਰੀ ਕੰਮ ਲਈ ਹੀ ਘਰ ਤੋਂ ਬਾਹਰ ਨਿਕਲਣ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਸੰਪਰਕ ਨਾਲ ਫੈਲਦਾ ਹੈ, ਇਸ ਲਈ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ,  ਸੈਨੇਟਾਈਜ਼ਰ ਅਤੇ ਸਮੇਂ-ਸਮੇਂ ’ਤੇ 20 ਸੈਕੰਡ ਤੱਕ ਹੱਥ ਧੋਣਾ ਯਕੀਨੀ ਬਣਾਇਆ ਜਾਵੇ। ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਕਿਹਾ ਕਿ ਹੁਣ ਤੱਕ 20,534 ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ 706 ਸੈਂਪਲ ਲਏ ਗਏ, ਜਦਕਿ 564 ਸੈਂਪਲਾਂ ਦੀ ਰਿਪੋਰਟ ਆਈ ਹੈ, ਜਿਨ੍ਹਾਂ ਵਿਚੋਂ 34 ਵਿਅਕਤੀਆਂ ਦੇ ਟੈਸਟ ਪੋਜ਼ੀਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ 1437 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ ਅਤੇ 30 ਕੇਸ ਇਨਵੈਲਿਡ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 253 ਪੋਜ਼ੀਟਿਵ ਕੇਸ ਹੋ ਚੁੱਕੇ ਹਨ, ਜਦਕਿ ਐਕਟਿਵ ਕੇਸਾਂ ਦੀ ਗਿਣਤੀ 62 ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੋਜ਼ੀਟਿਵ ਆਏ ਵਿਅਕਤੀਆਂ ਵਿਚੋਂ 31 ਮਾਮਲੇ ਬੀ.ਐਸ.ਐਫ ਟਰੇਨਿੰਗ ਸੈਂਟਰ ਖੜਕਾਂ ਦੇ ਹਨ, ਜਦਕਿ ਇਕ ਮਾਮਲਾ ਪੀ.ਐਚ.ਸੀ ਪੋਸੀ, ਇਕ ਪੀ.ਐਚ.ਸੀ. ਪਾਲਦੀ ਅਤੇ ਇਕ ਮਾਮਲਾ ਪੀ.ਐਚ.ਸੀ. ਮੰਡ ਮੰਡੇਰ ਦੇ ਤਹਿਤ ਆਉਂਦੇ ਪਿੰਡਾਂ ਨਾਲ ਸਬੰਧਤ ਹੈ। ਉਨ੍ਹਾਂ ਗਰਭਵਤੀ ਮਹਿਲਾਵਾਂ ਅਤੇ 10 ਸਾਲ ਦੇ ਬੱਚਿਆਂ ਨੂੰ ਘਰ ਵਿੱਚ ਰਹਿਣ ਦੀ ਅਪੀਲ ਕਰਦੇ ਹੋਏ ਇਸ ਬਿਮਾਰੀ ਦੇ ਸਮਾਜਿਕ ਫੈਲਾਅ ਨੂੰ ਰੋਕਣ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ।


Post a Comment

0 Comments