ਟਾਂਡਾ ਉੜਮੁੜ, 11 ਅਪ੍ਰੈਲ ( ਨਵਦੀਪ ਸਿੰਘ ) - ਪਿੰਡ ਚੋਹਾਣਾ ਵਿਖੇ ਬੀਤੇ ਦਿਨੀਂ ਇੱਕ ਘਰ ਵਿਚੋਂ ਗੈਸ ਸਿਲੰਡਰ ਚੋਰੀ ਕਰਨ ਵਾਲੇ ਵਿਅਕਤੀ ਅਤੇ ਚੋਰੀਸ਼ੁਦਾ ਗੈਸ ਸਿਲੰਡਰਾਂ ਨੂੰ ਖਰੀਦਣ ਵਾਲੇ ਦੋ ਵਿਅਕਤੀਆਂ ਦੇ ਖਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹ ਮਾਮਲਾ ਜਸਵੰਤ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਚੋਹਾਣਾ ਦੇ ਬਿਆਨ ਦੇ ਆਧਾਰ ਤੇ ਸਿਲੰਡਰ ਚੋਰੀ ਕਰਨ ਵਾਲੇ ਸੰਦੀਪ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਖਰੀਦਣ ਵਾਲੇ ਕਿਸ਼ਨ ਸਿੰਘ ਪੁੱਤਰ ਅਮਰਨਾਥ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਜੋਗੀ ਰਾਮ ਤਿੰਨੋਂ ਨਿਵਾਸੀ ਟਾਹਲੀ ਦੇ ਖਿਲਾਫ਼ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਸਰਬਜੀਤ ਕੌਰ ਜਿਸ ਦਾ ਪਤੀ ਵਿਦੇਸ਼ ਰਹਿੰਦਾ ਹੈ | ਪਿੰਡ ਵਿੱਚ ਹੀ ਸਵਰਨ ਸਿੰਘ ਦੇ ਘਰ ਵਿਚ ਕਿਰਾਏ ਤੇ ਬੱਚਿਆਂ ਸਮੇਤ ਰਹਿੰਦੀ ਹੈ ਅਤੇ 8 ਅਪ੍ਰੈਲ ਦੀ ਰਾਤ ਨੂੰ ਉਹ ਉਨ੍ਹਾਂ ਦੇ ਘਰ ਰਾਤ ਕੱਟਣ ਬੱਚਿਆਂ ਸਮੇਤ ਆਈ ਹੋਈ ਸੀ ਅਤੇ ਉਸ ਰਾਤ ਹੁਣ ਉਸ ਦੀ ਬੇਟੀ ਦੇ ਘਰ ਚੋਰੀ ਹੋ ਗਈ | ਜਸਵੰਤ ਸਿੰਘ ਨੇ ਦੱਸਿਆ ਕਿ ਉਸ ਨੂੰ ਪਿੰਡ ਨਿਵਾਸੀ ਦਾ ਫੋਨ ਆਇਆ ਕਿ ਉਸ ਦੀ ਬੇਟੀ ਦੇ ਘਰੋਂ ਉਕਤ ਮੁਲਜ਼ਮ ਸੰਦੀਪ ਸਿੰਘ ਨੇ ਸਿਲੰਡਰ ਚੋਰੀ ਕੀਤੇ ਹਨ ਅਤੇ ਚੋਰੀਸ਼ੁਦਾ ਸਿਲੰਡਰ ਉਕਤ ਮੁਲਜਮਾਂ ਨੇ ਖਰੀਦੇ ਹਨ | ਬਾਅਦ ਵਿਚ ਜਦੋਂ ਉਸ ਨੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੂੰ ਨਾਲ ਲੈ ਕੇ ਇਸ ਚੀਜ਼ ਦੀ ਤਫਤੀਸ਼ ਕੀਤੀ ਤਾਂ ਉਸ ਨੂੰ ਇਸ ਸਾਰੀ ਗੱਲ ਦਾ ਪਤਾ ਲੱਗਿਆ ਕਿ ਉਸ ਦੀ ਬੇਟੀ ਦੇ ਘਰੋਂ ਸੰਦੀਪ ਸਿੰਘ ਨੇ ਗੈਸ ਸਿਲੰਡਰ ਚੋਰੀ ਕਰ ਕੇ ਉਕਤ ਮੁਲਜ਼ਮਾਂ ਕਿਸ਼ਨ ਅਤੇ ਗੁਰਮੀਤ ਗੋਪੀ ਨੂੰ ਵੇਚੇ ਹਨ | ਪੁਲਿਸ ਨੇ ਜਸਵੰਤ ਸਿੰਘ ਦੇ ਦੋਸ਼ਾਂ ਦੇ ਆਧਾਰ ਤੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

0 Comments