ਟਾਂਡਾ ਉੜਮੁੜ, 23 ਅਕਤੂਬਰ (ਨਵਦੀਪ ਸਿੰਘ ) - ਬੀਤੀ ਦਿਨ ਟਾਂਡਾ ਦੇ ਪਿੰਡ ਜਲਾਲਪੁਰ ਵਿੱਚ ਇਕ 6 ਵਰ੍ਹਿਆਂ ਦੀ ਬਾਲੜੀ ਨਾਲ ਜਬਰ ਜਨਾਹ ਉਪਰੰਤ ਸਾੜ ਕੇ ਮਾਰਨ ਦੀ ਦੋਸ਼ ਵਿੱਚ ਟਾਂਡਾ ਪੁਲਿਸ ਨੇ ਮੁਲਜ਼ਮ ਨੌਜਵਾਨ ਅਤੇ ਉਸਦੇ ਦਾਦੇ ਨੂੰ ਕਾਬੂ ਕਰ ਲਿਆ ਹੈ | ਪੁਲਿਸ ਨੇ ਬੀਤੀ ਦੇਰ ਰਾਤ ਲੜਕੀ ਦੇ ਪਿਤਾ ਦੇ ਬਿਆਨ ਦੇ ਅਧਾਰ ਤੇ ਸੁਰਪ੍ਰੀਤ ਸਿੰਘ ਪੁੱਤਰ ਦਿਲਵਿੰਦਰ ਸਿੰਘ ਅਤੇ ਉਸਦੇ ਦਾਦੇ ਸੁਰਜੀਤ ਸਿੰਘ ਪੁੱਤਰ ਕਾਕਾ ਸਿੰਘ ਦੇ ਖਿਲਾਫ ਕਤਲ, ਸਮੂਹਿਕ ਜਬਰ ਜਨਾਹ ਆਦਿ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ |
ਡੀ.ਐੱਸ.ਪੀ.ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਦੋਨਾਂ ਮੁਲਜਮਾਂ ਨੂੰ ਮਾਣਯੋਗ ਜੱਜ ਰੇਣੁ ਗੋਇਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਦਿਨ ਦਾ ਰਿਮਾਂਡ ਹਾਸਿਲ ਹੋਣ ਤੇ ਦੋਨਾਂ ਮੁਲਜਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਡਾਕਟਰਾਂ ਦਾ ਬੋਰਡ ਬਣਵਾ ਕੇ ਮ੍ਰਿਤਕ ਬੱਚੀ ਦਾ ਪੋਸਟ ਮਾਰਟਮ ਕਰਵਾਇਆ ਗਿਆ ਹੈ | ਉੱਧਰ ਇਸ ਦਰਦਨਾਕ ਘਟਨਾ ਤੋਂ ਬਾਅਦ ਬੱਚੀ ਦੇ ਪਰਿਵਾਰ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਵਿੱਚ ਮੁਲਜਮਾਂ ਦੇ ਪ੍ਰਤੀ ਭਾਰੀ ਗੁੱਸਾ ਅਤੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਪੋਸਟ ਮਾਰਟਮ ਹੋਣ ਤੋਂ ਬਾਅਦ ਲੜਕੀ ਦਾ ਕੱਲ ਅੰਤਿਮ ਸੰਸਕਾਰ ਕੀਤਾ ਜਾਵੇਗਾ |


0 Comments