ਦਸੂਹਾ : ਬੀਤੇ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਪਿੰਡ ਮਾਨਾਂਵਾਲ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਪੁਤਲਾ ਸਾੜਨ ਦੇ ਵਿਰੋਧ ਵਿਚ ਅੱਜ ਸਮਾਜ ਦੀਆਂ ਪ੍ਰਮੁੱਖ ਹਿੰਦੂ, ਵਾਲਮੀਕਿ, ਰਵਿਦਾਸੀਆ ਅਤੇ ਸਿੱਖ ਜਥੇਬੰਦੀਆਂ ਵਲੋਂ ਮਹੰਤ ਰਮੇਸ਼ ਦਾਸ ਜੀ ਦਾਤਾਰਪੁਰ ਵਾਲੇ, ਮਹੰਤ ਰਾਜਗਿਰੀ ਜੀ ਕਮਾਹੀ ਦੇਵੀ ਵਾਲੇ ਅਤੇ ਮਹੰਤ ਪ੍ਰੇਮਾਨੰਦ ਜੀ ਸ਼ੇਰਾਂ ਵਾਲੀ ਕੁਟੀਆ ਕੈਂਥਾਂ ਵਾਲਿਆਂ ਦੀ ਅਗਵਾਈ ਹੇਠ ਇੱਕ ਰੋਸ ਮਾਰਚ ਕੱਢਿਆ ਗਿਆ ਜ਼ੋ ਸ਼ੇਰਾਂ ਵਾਲੀ ਕੁਟੀਆ ਮੰਦਿਰ ਕੈਂਥਾਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਬਾਬਾ ਬਰਫਾਨੀ ਲੰਗਰ ਹਾਲ ਵਿੱਚ ਜਾ ਕੇ ਸਮਾਪਤ ਹੋਇਆ। ਇਸ ਮੌਕੇ ਤੇ ਰੋਸ ਮਾਰਚ ਵਿੱਚ ਸ਼ਾਮਿਲ ਸਮੂਹ ਸੰਗਤਾਂ ਵਲੋਂ ਹਾਜੀਪੁਰ ਚੌਂਕ ਵਿੱਚ ਪਹੁੰਚ ਕੇ ਸ਼ਾਂਤਮਈ ਢੰਗ ਨਾਲ ਹੰਨੂਮਾਨ ਚਾਲੀਸਾ ਦੇ ਪਾਠ ਕੀਤੇ ਗਏ ਅਤੇ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਸਮੂਹ ਸੰਤ ਸਮਾਜ, ਹਿੰਦੂ, ਵਾਲਮੀਕਿ, ਰਵਿਦਾਸੀਆ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਬੀਤੇ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਪਿੰਡ ਮਾਨਾਂਵਾਲਾ ਵਿਖੇ ਕੁਝ ਸਰਾਰਤੀ ਧਰਮ ਵਿਰੋਧੀ ਲੋਕਾਂ ਵੱਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਪੁਤਲਾ ਸਾੜ ਦਿੱਤਾ ਗਿਆ ਸੀ। ਇਸ ਮੰਦਭਾਗੀ ਘਟਨਾ ਦੇ ਨਾਲ ਦੁਨੀਆਂ ਭਰ ਅੰਦਰ ਵਸਦੇ ਸ੍ਰੀ ਰਾਮ ਚੰਦਰ ਜੀ ਦੇ ਭਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਸੀ ਅਤੇ ਪੂਰੇ ਸਮਾਜ ਦੇ ਅੰਦਰ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਗਈ ਸੀ। ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਵੱਲੋਂ 9 ਲੋਕਾਂ ਉੱਤੇ ਪਰਚਾ ਦਰਜ ਕਰਕੇ ਉਨ੍ਹਾਂ ਵਿੱਚੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਹਨਾਂ ਕਿਹਾ ਕਿ ਪ੍ਰਤੂੰ ਸ਼੍ਰੀ ਰਾਮ ਚੰਦਰ ਜੀ ਦਾ ਪੁਤਲਾ ਸਾੜਨ ਵਾਲੀ ਜੋ ਵੀਡੀਓ ਇੰਟਰਨੈੱਟ ਤੇ ਵਾਇਰਲ ਹੋਈ ਹੈ ਉਸ ਅੰਦਰ ਪੁਤਲਾ ਸਾੜਨ ਵਾਲੇ ਵਿਅਕਤੀਆਂ ਦੀ ਗਿਣਤੀ ਬਹੁਤ ਹੈ। ਇਸ ਲਈ ਉਹ ਸਰਕਾਰ ਤੋਂ ਇਹ ਹੀ ਮੰਗ ਕਰਦੇ ਹਨ ਕਿ ਵੀਡੀਓ ਵਿੱਚ ਨਜ਼ਰ ਆ ਰਹੇ ਹਰੇਕ ਵਿਅਕਤੀ ਦਾ ਨਾਮ ਪਰਚੇ ਵਿੱਚ ਸ਼ਾਮਿਲ ਕਰਕੇ ਸੱਭ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਅੱਜ ਸਮੁੱਚਾ ਸਮਾਜ ਸਰਕਾਰ ਤੋਂ ਇਹ ਵੀ ਮੰਗ ਕਰਦਾ ਹੈ ਕਿ ਦੋਸ਼ੀਆਂ ਉੱਪਰ ਦਰਜ ਕੀਤੇ ਗਏ ਪਰਚੇ ਵਿੱਚ ਧਾਰਾ 302 ਦਾ ਵਾਧਾ ਕੀਤਾ ਜਾਵੇ ਤਾਂ ਜੋ ਕੋਈ ਵੀ ਧਰਮ ਵਿਰੋਧੀ ਅਨਸਰ ਭਵਿੱਖ ਵਿੱਚ ਅਜਿਹੀ ਘਟੀਆ ਅਤੇ ਨੀਚ ਹਰਕਤ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੇ।
ਉਹਨਾਂ ਕਿਹਾ ਕਿ ਉਹ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਨ ਕਿ ਇਸ ਸਾਰੀ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਜਿਹੜੇ ਲੋਕਾਂ ਨੇ ਭਾਰਤ ਦੇਸ਼ ਅਤੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਬੇਨਕਾਬ ਹੋਣ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾ ਸਕੇ। ਅੰਤ ਵਿੱਚ ਸਾਰੇ ਆਗੂਆਂ ਨੇ ਇੱਕ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਪੂਰੇ ਭਾਰਤ ਅਤੇ ਭਾਰਤੀ ਸੰਸਕ੍ਰਿਤੀ ਦੇ ਪ੍ਰਾਣ ਹਨ ਅਤੇ ਦੁਨੀਆਂ ਭਰ ਦੇ ਕੋਨੇ ਕੋਨੇ ਵਿੱਚ ਕਰੋੜਾਂ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਵਿੱਚ ਗਹਿਰੀ ਆਸਥਾ ਰੱਖਦੇ ਹਨ। ਇਸ ਲਈ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਅਪਮਾਨ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰੰਤੂ ਜੇਕਰ ਹੁਣ ਵੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਮਜਬੂਰਨ ਸਾਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ ਜਿਸਦੀ ਪੂਰੀ ਜ਼ਿੰਮੇਵਾਰੀ ਸਿਰਫ਼ ਅਤੇ ਸਿਰਫ਼ ਸਰਕਾਰ ਦੀ ਹੀ ਹੋਵੇਗੀ।
ਇਸ ਮੌਕੇ ਤੇ ਬਾਬੂ ਅਰੁਣ ਕੁਮਾਰ ਜੀ, ਭਗਵਾਨ ਵਾਲਮੀਕਿ ਸ਼ਕਤੀ ਸੇਨਾ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਅਜੇ ਕੁਮਾਰ ਐਡਵੋਕੇਟ ਜੀ, ਸ਼੍ਰੀ ਗੁਰੂ ਰਵਿਦਾਸ ਸੇਨਾ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਦਿਲਵਰ ਸਿੰਘ ਜੀ, ਸ਼ੇਰੇ ਪੰਜਾਬ ਯੂਥ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਲਾਲੀ ਮੁਲਤਾਨੀ ਜੀ, ਸਨਾਤਨ ਧਰਮ ਸਭਾ ਦਸੂਹਾ, ਸ਼੍ਰੀ ਰਾਮ ਲੀਲਾ ਕਮੇਟੀ, ਬ੍ਰਾਹਮਣ ਸਭਾ, ਪ੍ਰਾਚੀਨ ਪਾਂਡਵ ਸਰੋਵਰ ਕਮੇਟੀ, ਬਾਬਾ ਬਰਫਾਨੀ ਲੰਗਰ ਹਾਲ ਕਮੇਟੀ, ਰਾਜੀਵ ਦੀਕਸ਼ਿਤ ਗੋਸ਼ਾਲਾ ਸੋਸਾਇਟੀ, ਰਾਧਾ ਕ੍ਰਿਸ਼ਨ ਮੰਦਿਰ ਕੈਂਥਾਂ, ਭਗਵਤ ਧਾਮ ਮੰਦਿਰ, ਠੰਡੀ ਖੂਹੀ ਮੰਦਿਰ, ਭਾਰਤ ਵਿਕਾਸ ਪਰਿਸ਼ਦ ਅਤੇ ਸ਼ਹਿਰ ਦੀਆਂ ਹੋਰ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਮੰਦਿਰ ਕਮੇਟੀਆਂ ਦੇ ਆਗੂ ਅਤੇ ਮੈਂਬਰ ਸਾਹਿਬਾਨ ਵੀ ਸ਼ਾਮਿਲ ਹੋਏ।





0 Comments