ਸਰਕਾਰ ਦਾ ਵਕਾਰੀ ਪ੍ਰੋਜੈਕਟ ਹੈ ਘੜਿਆਲ ਮੁੜ ਵਸੇਵਾ ਟਾਂਡਾ ਉੜਮੜ,15 ਫਰਵਰੀ (ਵਰਿੰਦਰ ਪੰਡਿਤ )- ਜੰਗਲੀ ਜੀਵ ਵਿਭਾਗ ਵੱਲੋ ਪੰਜਾਬ ਸਰਕਾਰ ਦੇ ਘੜਿਆਲ ਮੁੜ ਵਸੇਵੇ ਦੇ ਵਕਾਰੀ ਪ੍ਰੋਜੈਕਟ ਤਹਿਤ ਜੰਗਲੀ ਜੀਵ ਵਿਭਾਗ ਦੀ ਟੀਮ ਨੇ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਵਿੱਚ ਲੁਪਤ ਹੁੰਦੀ ਜਾ ਰਹੀ ਪ੍ਰਜਾਤੀ ਦੇ ਘੜਿਆਲ ਛੱਡੇ ਹਨ | ਇਸ ਦੌਰਾਨ ਸਲੇਮਪੁਰ ਟਾਹਲੀ ਜੰਗਲ ਨਾਲ ਲੱਗਦੇ ਬਿਆਸ ਦਰਿਆ ਕੰਜ਼ਰਵੇਸ਼ਨ ਰਿਜ਼ਰਵ ਵਿੱਚ ਚੀਫ ਵਾਈਲਡ ਲਾਈਫ ਵਾਰਡਨ ਆਰ ਕੇ ਮਿਸ਼ਰਾ, ਕੰਜ਼ਰਵੇਟਰ ਆਫ ਫਾਰੈਸਟ ਮੁਨੀਸ਼ ਕੁਮਾਰ, ਟੀ ਗਨਾਨਾਂ , ਫੀਲਡ ਡਾਇਰੈਕਟਰ ਛੱਤਬੀੜ ਚਿੜੀਆਘਰ ਐੱਮ . ਸੁਧਾਕਰ, ਵਣ ਮੰਡਲ ਅਫਸਰ ਜੰਗਲੀ ਜੀਵ ਗੁਰਸ਼ਰਨ ਸਿੰਘ, ਕੋਆਰਡੀਨੇਟਰ ਡਬਲਯੂ.ਡਬਲਯੂ. ਐੱਫ. ਗੀਤਾਂਜਲੀ ਕੰਵਰ ਦੀ ਹਾਜ਼ਿਰੀ ਵਿੱਚ 23 ਘੜਿਆਲਾ ਨੂੰ ਛੱਡਿਆ ਗਿਆ |
ਇਸ ਬਾਰੇ ਜਾਣਕਾਰੀ ਦਿੰਦੇ ਵਣ ਮੰਡਲ ਅਫਸਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਸ ਲੁਪਤ ਹੁੰਦੀ ਪ੍ਰਜਾਤੀ ਨੂੰ ਬਚਾਉਣ ਲਈ ਬਣਾਏ ਇਸ ਪ੍ਰੋਜੈਕਟ ਦਾ ਉਦੇਸ਼ ਘੜਿਆਲਾਂ ਦੀ ਪ੍ਰਜਨਨ ਅਬਾਦੀ ਨੂੰ ਸਥਾਪਿਤ ਕਰਨਾ ਹੈ | ਜਿਸਦੇ ਚਲਦੇ ਪ੍ਰੋਜੈਕਟ ਦੇ ਪਹਿਲੇ ਫੇਸ ਵਿੱਚ 2017- 18 ਦੌਰਾਨ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ 47 ਘੜਿਆਲ ਛੱਡੇ ਗਏ ਸਨ ਅਤੇ ਬਾਅਦ ਵਿੱਚ ਵਣ ਵਿਭਾਗ ਅਤੇ ਵਰਲਡ ਵਾਈਡ ਫ਼ੰਡ ਫਾਰ ਨੇਚਰ ਵੱਲੋ ਕਰਵਾਏ ਗਏ ਸੰਯੁਕਤ ਸਰਵੇਖਣ ਤੋਂ ਪਤਾ ਲੱਗਿਆ ਕਿ ਉਹ ਘੜਿਆਲ ਸਾਰੇ ਬਿਆਸ ਦਰਿਆ ਵਿੱਚ ਫੈਲ ਗਏ ਹਨ | ਅੱਜ ਪ੍ਰੋਜੈਕਟ ਦੇ ਦੂਜੇ ਫੇਸ ਵਿੱਚ ਟਾਂਡਾ ਦੇ ਇਸ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਨੂੰ ਚੁਣਿਆ ਗਿਆ ਹੈ ਜਿਸਦੇ ਟਾਪੂ ਘੜਿਆਲਾ ਲਈ ਅਨਕੂਲ ਹਨ | ਉਨ੍ਹਾਂ ਦੱਸਿਆ ਕਿ ਅੱਜ 23 ਘੜਿਆਲ ਛੱਡੇ ਗਏ ਹਨ | ਇਸਦੇ ਨਾਲ ਹੀ ਡਬਲਯੂ.ਡਬਲਯੂ. ਐੱਫ. ਅਤੇ ਵਣ ਵਿਹਾਗ ਦੀ ਇਕ ਨਿਗਰਾਨੀ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਜੋ ਅਗਲੇ ਇਕ ਮਹੀਨੇ ਤੱਕ ਇਨ੍ਹਾਂ ਘੜਿਆਲਾ ਦਾ ਸਰਵੇਖਣ ਕਰੇਗੀ | ਜਿਸ ਲਈ ਇਕ ਨਿਗਰਾਨੀ ਸਟੇਸ਼ਨ ਸਥਾਪਿਤ ਵੀ ਕੀਤਾ ਗਿਆ ਹੈ | ਇਸ ਮੌਕੇ ਵਿਭਾਗ ਦੀ ਸਮੂਹ ਟੀਮ ਮੌਜੂਦ ਸੀ |





0 Comments