ਭੋਗ ਤੇ ਵਿਸ਼ੇਸ਼, ਮਾਤਾ ਸ਼ਕੁੰਤਲ ਕੌਰ ਜੀ


 ਟਾਂਡਾ ਉੜਮੁੜ, 16 ਅਪ੍ਰੈਲ (ਅਜੀਤ ਸਿੰਘ ਰੂਪਤਾਰਾ) -
ਮਾਤਾ ਸ਼ਕੁੰਤਲ ਕੌਰ ਜੀ ਦਾ ਜਨਮ 13 ਮਈ 1941 ਨੂੰ ਪਿੰਡ ਹਰਸੀ ਪਿੰਡ ਵਿਖੇ ਹੈੱਡਮਾਸਟਰ ਧੰਨਪਤ ਰਾਏ ਅਤੇ ਸ੍ਰੀਮਤੀ ਅੱਛਰ ਕੌਰ ਜੀ ਦੇ ਘਰ ਹੋਇਆ। ਸਰਕਾਰੀ ਅਧਿਆਪਕ ਹੁੰਦਿਆਂ ਮਾਤਾ ਪਿਤਾ ਨੇ ਛੇਆਂ ਭੈਣਾਂ ਨੂੰ ਉੱਚ ਵਿੱਦਿਆ ਦਿਵਾਈ। ਮਾਤਾ ਸ਼ਕੁੰਤਲਾ ਕੌਰ ਨੇ ਜੇ ਬੀ ਟੀ ਦੀ ਪੜ੍ਹਾਈ ਪੂਰੀ ਕਰਨ  ਉਪਰੰਤ 1961 ਵਿੱਚ ਸਰਕਾਰੀ ਨੌਕਰੀ ਸ਼ੁਰੂ ਕੀਤੀ ਅਤੇ ਸੀਪਰੀਆਂ,ਟਾਂਡਾ, ਖੁੱਡਾ, ਚੱਕ ਕਾਸਿਮ, ਐਮਾਂ ਮਾਂਗਟ ਆਦਿ ਸਕੂਲਾਂ ਵਿਚ ਬੱਚਿਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਵਾਉਂਦਿਆਂ ਖੁਣਖੁਣ ਕਲਾਂ ਸਕੂਲ ਤੋਂ ਬਤੌਰ ਸੀ ਐੱਚ ਟੀ ਸੇਵਾ ਮੁਕਤੀ ਪ੍ਰਾਪਤ ਕੀਤੀ। ਉਨ੍ਹਾਂ ਨੇ ਜਿੱਥੇ ਵਿਦਿਆਰਥੀਆਂ ਨੂੰ ਲਗਨ, ਮਿਹਨਤ ਅਤੇ ਪਿਆਰ  ਨਾਲ ਪੜ੍ਹਾਇਆ ਉੱਥੇ ਆਪਣੇ ਅਧਿਆਪਕ ਜੀਵਨ ਸਾਥੀ ਸਰਦਾਰ ਬਖਸ਼ੀਸ਼ ਸਿੰਘ ਜੀ ਨਾਲ ਮਿਲ ਕੇ ਆਪਣੇ ਬੱਚਿਆਂ ਸੁਚੱਜਾ ਪਾਲਣ ਪੋਸ਼ਣ ਕੀਤਾ। ਬੱਚਿਆਂ ਨੂੰ ਉੱਚ ਸਿੱਖਿਆ ਹਾਸਿਲ ਕਰਵਾਉਣ ਦੇ ਨਾਲ ਨਾਲ ਉੱਚੇ ਅਤੇ ਸੁੱਚੇ ਸੰਸਕਾਰ ਵੀ ਦਿੱਤੇ। ਆਪ ਜੀ ਦੇ ਪਾਲਣ ਪੋਸ਼ਣ ਅਤੇ ਸਿੱਖਿਆਵਾਂ ਦੇ ਸਦਕੇ ਹੀ ਆਪ ਜੀ ਦੇ ਬੱਚੇ  ਅੱਜ ਸੰਸਾਰ ਵਿਚ ਉੱਚ ਅਹੁਦੇ ਪ੍ਰਾਪਤ ਕਰਨ ਦੇ ਨਾਲ ਨਾਲ ਲੋਕ ਅਗਵਾਈ ਵੀ ਕਰ ਰਹੇ ਹਨ। ਆਪ  ਦੀ ਸਪੁੱਤਰੀ ਦਲਜੀਤ ਕੌਰ ਡਬਲ ਐਮ ਏ, ਐਮ ਐਡ ਹਨ ਅਤੇ ਜੁਆਈ ਜਸਵਿੰਦਰ ਸਿੰਘ ਇਰਕਾਨ ਵਿੱਚ ਬਤੌਰ ਡੀ ਜੀ ਐੱਮ ਕੰਮ ਕਰ ਰਹੇ ਹਨ।  ਵੱਡੇ ਸਪੁੱਤਰ  ਨਿਰਮਲ ਸਿੰਘ ਲੱਕੀ ਪਿੰਡ ਦੇ ਸਰਪੰਚ ਰਹੇ ਹਨ ਅਤੇ ਡਾ ਜਸਵਿੰਦਰ ਸਿੰਘ ਬਤੌਰ ਪ੍ਰੋਫੈਸਰ ਕੰਮ ਕਰਨ ਦੇ ਨਾਲ ਨਾਲ ਰਾਜਨੀਤਕ ਖੇਤਰ ਵਿਚ ਵੀ ਲੋਕ ਸੇਵਾ ਲਈ ਇੱਕ ਜਾਣਿਆ ਪਹਿਚਾਣਿਆ ਨਾਮ ਹਨ। ਸਭ ਤੋਂ ਛੋਟੇ ਸਪੁੱਤਰ ਗੁਰਦੀਪ ਸਿੰਘ ਉੱਚ ਵਿੱਦਿਆ ਪ੍ਰਾਪਤੀ ਉਪਰੰਤ ਸਿੱਖਿਆ ਵਿਭਾਗ ਵਿੱਚ ਬਤੌਰ ਅਧਿਆਪਕ ਸੇਵਾਵਾਂ ਦੇ ਰਹੇ ਹਨ। ਪਰਿਵਾਰਕ ਮਾਹੌਲ ਅਨੁਸਾਰ ਹੀ  ਨੂੰਹਾਂ ਰਜਿੰਦਰ ਕੌਰ, ਡਾ ਕਮਲਜੀਤ ਕੌਰ ਅਤੇ ਹਰਪ੍ਰੀਤ ਕੌਰ ਵੀ ਉੱਚ ਸਿੱਖਿਆ ਪ੍ਰਾਪਤ ਹਨ ਅਤੇ ਸਿੱਖਿਆ ਖੇਤਰ ਵਿਚ ਬਤੌਰ ਪ੍ਰੋਫੈਸਰ ਅਤੇ ਅਧਿਆਪਕ ਕੰਮ ਕਰ ਰਹੇ ਹਨ। ਮਾਤਾ ਸ਼ਕੁੰਤਲ ਕੌਰ ਜੀ 5 ਅਪ੍ਰੈਲ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਅਕਾਲ ਪੁਰਖ ਦੇ ਭਾਣੇ ਅੰਦਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ।  ਅੱਜ ਦੇ ਕਰੋਨਾ ਦੌਰ ਅੰਦਰ ਸਰਬੱਤ ਦੇ ਭਲੇ ਨੂੰ ਧਿਆਨ ਵਿੱਚ ਰੱਖਦਿਆਂ ਸਿਰਫ ਪਰਿਵਾਰਕ ਮੈਂਬਰ ਹੀ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦਾ ਅੰਤਿਮ ਅਰਦਾਸ ਸਮਾਗਮ ਕਰ ਰਹੇ ਹਨ।  ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।  



Post a Comment

0 Comments