ਟਾਂਡਾ ਦੀ ਸੇਜਲ ਪੁਰੀ ਬਣੀ ਮਿਸ ਇੰਡੀਆ ਕੈਲੀਫੋਰਨੀਆ 2022

  ਟਾਂਡਾ ਉੜਮੁੜ, 16 ਮਈ (ਵਰਿੰਦਰ ਸ਼ਰਮਾ)- ਟਾਂਡਾ ਦੇ ਅਹੀਆਪੁਰ ਨਾਲ ਸਬੰਧਤ ਪੁਰੀ ਪਰਿਵਾਰ ਦੀ ਧੀ ਅਮਰੀਕਾ ਵਿੱਚ ਮਿਸ ਇੰਡੀਆ ਕੈਲੀਫੋਰਨੀਆ 2022 ਬਣੀ ਹੈ। ਬੀਤੇ ਦਿਨ ਕੈਲੀਫੋਰਨੀਆ ਦੇ ਮਿਲਪਿਟਾਸ ਸ਼ਹਿਰ ਵਿੱਚ ਹੋਏ ਮੁਕਾਬਲੇ ਵਿਚ  ਉਸ ਨੂੰ ਇਹ ਖਿਤਾਬ ਦਿੱਤਾ ਗਿਆ। 7 ਵਰ੍ਹੇ ਪਹਿਲਾਂ ਅਮਰੀਕਾ ਜਾ ਵੱਸੇ ਨੀਰਜ ਪੁਰੀ ਅਤੇ ਬਿੰਦੂ ਪੁਰੀ ਨੇ ਆਪਣੀ ਬੇਟੀ ਦੀ ਕਾਮਯਾਬੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਈ ਡਰੀਮ ਟੀ.ਵੀ. ਅਤੇ ਮਾਈ ਡਰੀਮ ਗਲੋਬਲ ਫਾਊਂਡੇਸ਼ਨ ਦੀ ਸੰਸਥਾਪਕ ਰਸ਼ਮੀ ਬੇਦੀ ਅਤੇ ਸਟੇਟ ਡਾਇਰੈਕਟਰ ਕੈਲੀਫੋਰਨੀਆ ਦਿਵਿਆ ਮੋਵਾਰ ਦੀ ਅਗਵਾਈ ਹੇਠ ਹੋਈ ਇਸ ਪ੍ਰਤੀਯੋਗਿਤਾ ਵਿੱਚ ਸੇਜਲ ਨੇ   ਫਾਈਨਲ ਵਿੱਚ ਪਹੁੰਚਣ ਵਾਲੀਆਂ  22 ਪ੍ਰਤੀਯੋਗੀਆਂ ਨੂੰ ਹਰਾ ਕੇ ਤਾਜ ਦਾ ਖਿਤਾਬ ਜਿੱਤਿਆ।
 ਉਸ ਨੂੰ ਬਾਲੀਵੁੱਡ ਅਦਾਕਾਰਾ ਸ਼ੀਬਾ ਸਾਬੀਰ ਨੇ ਸਨਮਾਨਤ ਕੀਤਾ। ਪੁਰੀ ਜੋੜੇ ਨੇ ਦੱਸਿਆ ਕਿ ਉਹ ਆਪਣੀ ਬੇਟੀ ਦੀ ਇਸ ਕਾਮਯਾਬੀ ਤੋਂ ਬਾਅਦ ਬਹੁਤ ਖੁਸ਼ ਹਨ। ਉਸ ਨੇ ਦੱਸਿਆ ਕਿ ਸੇਜਲ ਦਸੂਹਾ ਦੇ ਕੈਂਬਰਿਜ ਸਕੂਲ ਵਿੱਚ ਛੇਵੀਂ ਤੱਕ ਪੜ੍ਹ ਕੇ ਆਪਣੇ ਭਰਾ ਹਾਰਦਿਕ ਨਾਲ ਅਮਰੀਕਾ ਆਈ ਸੀ ਅਤੇ ਹੁਣ ਉਹ ਦੰਦਾਂ ਦਾ ਡਾਕਟਰ ਬਣਨ ਦੀ ਪੜ੍ਹਾਈ ਕਰ ਰਹੀ ਹੈ। ਆਪਣੀ ਸਫਲਤਾ ਤੋਂ ਬਾਅਦ ਸੇਜਲ ਨੇ ਦੱਸਿਆ ਕਿ ਉਸ ਨੇ ਪੰਜਾਬੀ ਸਟਾਰ ਕਲਾਕਾਰ ਦਲਜੀਤ ਦੁਸਾਂਝ ਦੇ ਗੀਤਾਂ 'ਚ ਕੰਮ ਕੀਤਾ ਹੈ ਅਤੇ ਉਹ ਮਾਡਲਿੰਗ 'ਚ ਨਾਮ ਕਮਾਉਣ ਦੇ ਨਾਲ-ਨਾਲ ਬਾਲੀਵੁੱਡ 'ਚ ਕੰਮ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ 'ਚ ਰੁੱਝੀ ਹੋਈ ਹੈ ਅਤੇ ਇਸ ਸਫਲਤਾ ਤੋਂ ਬਾਅਦ ਉਸ 'ਚ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ।  ਦੂਜੇ ਪਾਸੇ ਸੇਜਲ ਦੀ ਇਸ ਕਾਮਯਾਬੀ ਲਈ ਅਹੀਆਪੁਰ ਵਾਸੀ ਸੇਜਲ ਦੇ ਦਾਦਾ-ਦਾਦੀ ਬ੍ਰਿਜ ਮੋਹਨ ਪੁਰੀ ਅਤੇ ਊਸ਼ਾ ਪੁਰੀ  ਨੂੰ ਲੋਕਾਂ ਨੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ 'ਤੇ ਮਾਣ ਹੈ।


 

Post a Comment

0 Comments