ਟਾਂਡਾ ਉੜਮੁੜ,20 ਸਤੰਬਰ (ਵਰਿੰਦਰ ਸ਼ਰਮਾ ) - ਸਰਕਾਰੀ ਮਿਡਲ ਸਮਾਰਟ ਸਕੂਲ ਉਹੜਪੁਰ ਵਿਖੇ ਭਾਈ ਘਨੱਈਆ ਜੀ ਦੀ ਬਰਸੀ ਨੂੰ ਸਮਰਪਿਤ "ਮਾਨਵ ਸੇਵਾ ਸੰਕਲਪ ਦਿਵਸ ਮਨਾਇਆ ਗਿਆ | ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਗੁਰਸ਼ਰਨ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ, ਸਕੂਲ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸ਼ਲਿੰਦਰ ਠਾਕੁਰ, ਬੀ.ਐੱਨ.ਓ.ਟਾਂਡਾ-1 ਪ੍ਰਿੰਸੀਪਲ ਰਜੇਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ ਹੋਏ ਇਸ ਸਮਾਗਮ ਦੌਰਾਨ ਮਾਨਵਤਾ ਦੀ ਸੇਵਾ ਕਰਨ ਵਾਲੇ ਭਾਈ ਘਨੱਈਆ ਜੀ ਨੂੰ ਯਾਦ ਕੀਤਾ ਗਿਆ | ਸਕੂਲ ਮੁਖੀ ਹਰਮਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸਮਾਜ ਸੇਵਕ ਤੇ ਮਾਨਵ ਸੇਵਾ ਨੂੰ ਸਮਰਪਿਤ ਡਾ.ਕੇਵਲ ਸਿੰਘ ਕਾਜਲ ਤੇ ਨੇਤਰਦਾਨ ਜਾਗਰੁਕਤਾ ਲਹਿਰ ਨੂੰ ਸਮਰਪਿਤ ਭਾਈ ਬਰਿੰਦਰ ਸਿੰਘ ਮਸੀਤੀ ਨੇ ਕੀਤੀ। ਇਸ ਮੌਕੇ ਡਾ.ਕਾਜਲ ਨੇ ਭਾਈ ਘਨੱਈਆ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅੱਖਾਂ ਦੀ ਬਣਤਰ,ਸਾਂਭ-ਸੰਭਾਲ, ਨੇਤਰਦਾਨ ਅਤੇ ਖੂਨਦਾਨ ਦੀ ਮਹੱਤਤਾ ਤੇ ਨਸ਼ਿਆਂ ਤੋਂ ਬਚਾਅ ਲਈ ਬੜੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਭਾਈ ਮਸੀਤੀ ਨੇ ਨੇਤਰਦਾਨ ਦੀ ਮਹੱਤਤਾ ਤੇ ਵੱਧ ਤੋਂ ਵੱਧ ਨੇਤਰਦਾਨ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ।ਇਸ ਸਮਾਗਮ ਦੌਰਾਨ ਸਕੂਲ ਦੇ ਬਲਾਕ ਵਿੱਚੋਂ ਪੇਂਟਿੰਗ ਤੇ ਲੇਖ ਰਚਨਾ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਅਤੇ ਅਗਸਤ ਮਹੀਨੇ ਦੀ ਪ੍ਰੀਖਿਆ ਵਿਚ ਪਹਿਲੇ,ਦੂਜੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਮੁੱਖ ਮਹਿਮਾਨ ਨੇ ਸਨਮਾਨਿਤ ਕੀਤਾ। ਸਕੂਲ ਸਟਾਫ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਮਾਨਵਤਾ ਦੀ ਸੇਵਾ ਅਤੇ ਸਮਾਜਿਕ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਸਦਕਾ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਤੀਸ਼ ਕੁਮਾਰ ਹਿੰਦੀ ਮਾਸਟਰ, ਕੁਲਵਿੰਦਰ ਸਿੰਘ ਸਾਇੰਸ ਮਾਸਟਰ, ਜੋਤੀ ਸੈਣੀ, ਨਵਦੀਪ ਸਿੰਘ, ਕੰਪਿਊਟਰ ਫੈਕਲਟੀ ਤੇ ਸਕੂਲ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ ।


0 Comments